ਆਪ’ ‘ਚ ਬਵਾਲ : ਮੈਂਬਰਾਂ ਦੀ ਹਾਂ, ਛੋਟੇਪੁਰ ਦੀ ਨਾਹ!

ਚੰਡੀਗੜ੍ਹ : ਪੰਜਾਬ ਦੀ ਸੱਤਾ ‘ਤੇ ਨਜ਼ਰਾਂ ਟਿਕਾਏ ਬੈਠੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ‘ਚ ਵੀ ਬਵਾਲ ਸ਼ੁਰੂ ਹੋ ਗਿਆ ਹੈ। ਦਿੱਲੀ ‘ਚ ਹੋਈ ਬੈਠਕ ਦੌਰਾਨ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਦੀ ਗੱਲ ‘ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਅਤੇ ਪ੍ਰਦੇਸ਼ ਕਾਰਜਕਾਰਨੀ ਦੀ ਮੈਂਬਰ ਯਾਮਿਨੀ ਗੋਮਰ ਨੇ ਹਾਮੀ ਭਰੀ ਹੈ।
ਚੰਡੀਗੜ੍ਹ ਪੁੱਜੇ ਸੁੱਚਾ ਸਿੰਘ ਛੋਟੇਪੁਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਡਾਕਟਰ ਧਰਮਵੀਰ ਗਾਂਧੀ ਤੋਂ ਬਾਅਦ ਹੁਣ ਸੁੱਚਾ ਸਿੰਘ ਛੋਟੇਪੁਰ ਖਿਲਾਫ ਜਾਰੀ ਬਗਾਵਤ ਦਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ‘ਚ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਮੋਗਾ ਬੱਸ ਕਾਂਡ ਤੋਂ ਬਾਅਦ ਹੁਣ ਪੀ.ਆਰ.ਟੀ.ਸੀ. ਦੇ ਡਰਾਈਵਰ ਦੀ ਗੰਦੀ ਕਰਤੂਤ ਨੇ ਰੋਲੀ ਇਨਸਾਨੀਅਤ

ਬਠਿੰਡਾ : ਮੋਗੇ ‘ਚ ਓਰਬਿਟ ਕੰਪਨੀ ਦੀ ਚੱਲਦੀ ਬੱਸ ‘ਚ ਪਹਿਲਾਂ ਛੇੜਛਾੜ ਅਤੇ ਫਿਰ ਧੱਕਾ ਦੇ ਕੇ ਬਾਹਰ ਸੁੱਟੀ ਗਈ ਮਾਂ ਧੀ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਹੁਣ ਪੀ.ਆਰ.ਟੀ.ਸੀ. ਦੇ ਡਰਾਈਵਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਿਸ ਵਿਚ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ ‘ਚ ਨਥਾਣਾ ਪੁਲਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਡੀਪੋ ਤੋਂ ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ 3 ਮਈ ਤੋਂ ਡਿਊਟੀ ‘ਤੇ ਨਹੀਂ ਆ ਰਿਹਾ ਸੀ। ਪਿੰਡ ਪੂਹਲੀ ਦੀ 17 ਸਾਲ ਦੀ 12ਵੀਂ ਕਲਾਸ ‘ਚ ਪੜ੍ਹਨ ਵਾਲੀ ਵਿਦਿਆਰਥਣ ਨੇ ਸੋਮਵਾਰ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਇਕ ਸਾਲ ਪਹਿਲਾਂ ਉਹ ਭੂਚੋ ਮੰਡੀ ਦੇ ਇਕ ਸਕੂਲ ਵਿਚ ਪੜ੍ਹਦੀ ਸੀ। ਉਹ ਬੱਸ ਰਾਹੀਂ ਰੋਜ਼ਾਨਾ ਆਉਂਦੀ ਜਾਂਦੀ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਪੀ.ਆਰ.ਟੀ.ਸੀ. ਦੀ ਬੱਸ ਦਾ ਡਰਾਈਵਰ ਗੁਰਜਿੰਦਰ ਸਿੰਘ ਉਸ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਇਸੇ ਦੌਰਾਨ ਉਸ ਨੇ ਉਸ ਦੀ ਤਸਵੀਰ ਖਿੱਚ ਲਈ ਅਤੇ ਇਕ ਦਿਨ ਉਸ ਦੇ ਘਰ ਆ ਗਿਆ ਅਤੇ ਉਸ ਦੇ ਘਰ ਵਾਲਿਆਂ ਨੂੰ ਵਿਆਹ ਦਾ ਪ੍ਰਸਤਾਅ ਰੱਖ ਦਿੱਤਾ ਪਰ ਘਰ ਵਾਲਿਆਂ ਨੇ ਉਸ ਨੂੰ ਇਨਕਾਰ ਕਰ ਦਿੱਤਾ।
ਜਿਸ ਤੋਂ ਬਾਅਦ ਉਹ ਰੰਜਿਸ਼ ਰੱਖਣ ਲੱਗ ਪਿਆ। ਲੰਘੀ 7 ਮਈ ਨੂੰ ਨਥਾਣਾ ‘ਚ ਉਹ ਆਪਣੇ ਸਕੂਲ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਦੋਸ਼ੀ ਗੁਰਜਿੰਦਰ ਸਿੰਘ ਮੋਟਰਸਾਈਕਲ ‘ਤੇ ਆਇਆ ਅਤੇ ਉਸ ਨੂੰ ਜ਼ਬਰਨ ਬਿਠਾ ਕੇ ਭਗਤਾ ਰੋਡ ਖੇਤਾਂ ‘ਚ ਲੱਗੀ ਮੋਟਰ ‘ਤੇ ਲੈ ਗਿਆ ਅਤੇ ਉਸ ਨਾਲ ਜ਼ਬਰਨ ਬਲਾਤਕਾਰ ਕੀਤਾ। ਦੋਸ਼ੀ ਨੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਪੁਲਸ ਨੇ ਦੱਸਿਆ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ ਅਤੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।